"ਦੋਹਰਾ ਕਿਰਦਾਰ"
ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਚੋਂ ਆਏ ਅਕਾਲੀ ਲੀਡਰਾਂ ਦੀ ਵਿਦੇਸ਼ ਫੇਰੀ ਤੇ ਵਾਹਵਾ ਚਰਚਾ ਹੋ ਚੁਕੀ ਹੈ, ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ੇਸ਼ ਡਿਉਟੀਆਂ ਲਾ ਕੇ ਬਹੁਤ ਸਾਰੇ ਲੀਡਰਾਂ ਨੂੰ ਵਖ - ਵਖ ਦੇਸ਼ਾਂ ਵਿਚ ਭੇਜਿਆ ਗਿਆ ਹੈ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਸਰਕਾਰ ਪ੍ਰਤੀ ਪਏ ਭਰਮ ਭੁਲੇਖੇ ਦੂਰ ਕੀਤੇ ਜਾਣ. ਇਸ ਮਕਸਦ ਚ ਬਹੁਤ ਵੱਡੀ ਕਾਮਯਾਬੀ ਵੀ ਪ੍ਰਾਪਤ ਹੋਈ ਹੈ, ਸੀਨੀਅਰ ਅਕਾਲੀ ਲੀਡਰਾਂ ਨੇ ਛੋਟੇ ਵਡੇ ਇੱਕਠ ਕਰਕੇ ਪ੍ਰਵਾਸੀਆਂ ਨਾਲ ਸਿਧਾ ਰਾਬਤਾ ਕਾਇਮ ਕਰਦੇ ਹੋਏ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਬਹੁਤ ਹੀ ਕਾਰਗਰ ਤਰੀਕੇ ਜਾਣਕਾਰੀ ਦਿੱਤੀ.
ਪ੍ਰੰਤੂ ਕੁਝ ਤਾਕਤਾਂ ਵਲੋਂ ਇਹਨਾਂ ਮੀਟਿੰਗਾਂ ਦੀ ਨੁਕਤਾਚੀਨੀ ਵੀ ਕੀਤੀ ਗਈ , ਜੋ ਕਿ ਲੋਕਤੰਤਰ ਵਿਚ ਪ੍ਰਵਾਨਯੋਗ ਹੈ. ਹੱਦ ਓਦੋ ਹੋਈ ਜਦੋਂ ਅਕਾਲੀ ਦਲ ਦੀਆਂ ਸਿਆਸੀ ਵਿਰੋਧੀ ਸ਼ਕਤੀਆਂ ਵਲੋਂ ਸ਼ਾਲੀਨਤਾ ਦੀਆਂ ਸਾਰੀਆਂ ਹੱਦਾਂ ਤੋੜਦਿਆਂ ਹੋਇਆਂ ਅਕਾਲੀ ਸਟੇਜਾਂ ਤੇ ਹਮਲੇ ਕਰਕੇ ਕਬਜ਼ਾ ਕਰਨ ਦੀਆਂ ਕੋਸਿਸ਼ਾ ਕੀਤੀਆਂ. ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਹੋਇਆਂ ਅਕਾਲੀ ਵਰਕਰਾਂ ਦੀ ਖਿਚ ਧੂਹ ਕੀਤੀ ਗਈ ਅਤੇ ਗੰਦੀਆਂ ਗਾਹਲਾਂ ਕਢੀਆਂ ਗਈਆਂ . ਇਥੋਂ ਤਕ ਕਿ ਔਰਤਾਂ ਤੇ ਹਥ ਚੁਕਿਆ ਗਿਆ. ਓਹ ਸ਼ਾਇਦ ਭੁਲ ਗਏ ਕਿ ਐਸੇ ਹਿੰਸਕ ਪ੍ਰਦਰਸ਼ਨ ਕੈਨੇਡਾ ਵਰਗੇ ਦੇਸ਼ ਵਿਚ ਕਿਸੇ ਵੀ ਪਖੋਂ ਪ੍ਰਵਾਨਿਤ ਨਹੀਂ ਹਨ, ਜਿਸ ਕਰਕੇ ਨਿਰਪਖ ਅਤੇ ਸੁਹਿਰਦ ਲੋਕਾਂ ਇਹਨਾਂ ਲੋਕਾਂ ਦੀ ਨਿੰਦਾ ਵੀ ਕੀਤੀ ਗਈ. ਸ਼ਾਇਦ ਇਹ ਲੋਕ ਅਕਾਲੀਆਂ ਦੇ ਆਮ ਲੋਕਾਂ ਨਾਲ ਸਿਧੇ ਮੇਲ ਮਿਲਾਪ ਨੂੰ ਬਰਦਾਸ਼ਤ ਨਹੀ ਕਰ ਸਕੇ, ਇਹਨਾਂ ਨੂੰ ਲਗਾ ਕਿ ਸਾਡੇ 7 -8 ਸਾਲ ਦੇ ਕੀਤੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਨਾ ਹੋ ਜਾਵੇ , ਇਸ ਲਈ ਇਹਨਾਂ ਮੁਠੀ ਭਰ ਲੋਕਾਂ ਵਲੋਂ ਡੇਮੋਕ੍ਰੇਸੀ ਦੇ ਸਾਰੇ ਸਾਰੇ ਅਸੂਲ ਭੰਗ ਕਰਕੇ ਇਹਨਾਂ ਮੀਟਿੰਗਾਂ ਨੂੰ ਰੋਕਣ ਦੀ ਕੋਸਿਸ਼ ਕੀਤੀ.
ਇਸ ਸਾਰੇ ਘਟਨਾਚੱਕਰ ਚ ਕੁਝ ਸ਼ਰਾਰਤੀ ਲੋਕ ਤਾਂ ਪਰਦੇ ਤੋਂ ਬਾਹਰ ਆਏ ਹੀ ਹਨ, ਇਸ ਦੇ ਨਾਲ ਨਾਲ ਇਹਨਾਂ ਦੇ ਸਹਿਯੋਗੀ ਓਹਨਾਂ ਲੋਕਾਂ ਦੇ ਚੇਹਰੇ ਵੀ ਨੰਗੇ ਹੋਏ ਹਨ ਜਿਹਨਾਂ ਦੇ ਹਥ ਬਦਕਿਸਮਤੀ ਨਾਲ ਮਾਈਕ ਜਾਂ ਕਲਮ ਆਈ ਹੋਈ ਹੈ. ਓਹਨਾਂ ਵਲੋਂ ਆਪਣੇ ਆਪਣੇ ਮਾਧਿਅਮ ਦੇ ਰਾਹੀ ਬਹੁਤ ਸ਼ਾਤਰਿਤਾ ਦੇ ਨਾਲ ਐਸੇ ਐਸੇ ਅਸੂਲ ਅਕਾਲੀ ਲੀਡਰਾਂ ਤੇ ਲਾਗੂ ਕਰ ਦਿੱਤੇ ਜੋ ਪਹਿਲਾਂ ਕਿਸੇ ਹੋਰ ਪਾਰਟੀ ਦੇ ਲੀਡਰ ਤੇ ਕਦੇ ਵੀ ਨਹੀ ਸਨ ਲਾਗੂ ਹੋਏ. ਮਸਲਨ - ਇਹ ਅਕਾਲੀ ਲੀਡਰ ਇਥੇ ਕਰਨ ਕੀ ਆਏ ਹਨ, ਇਹ ਕੈਨੇਡਾ ਦਾ ਮਹੌਲ ਖਰਾਬ ਕਰ ਰਹੇ ਹਨ, ਅਕਾਲੀ ਲੀਡਰ ਕੈਨੇਡਾ ਆ ਕਿ ਪੰਜਾਬ ਦੀ ਸਿਆਸਤ ਦੀ ਗਲ ਕਿਓਂ ਕਰ ਰਹੇ ਹਨ. ਜਦੋਂ ਕਿ ਬੀਤੇ ਸਮੇ ਦੌਰਾਨ ਅਕਾਲੀ ਵਿਰੋਧੀ ਲੀਡਰਾਂ ਦੀ ਇਹੋ ਲੋਕ ਖੁਲ ਕਿ ਸਪੋਰਟ ਵੀ ਕਰਦੇ ਰਹੇ ਹਨ ਅਤੇ ਸਿਧੇ ਜਾਂ ਅਸਿਧੇ ਤਰੀਕੇ ਨਾਲ ਓਹਨਾਂ ਦੀ ਮਦਦ ਵੀ ਕਰਦੇ ਰਹੇ ਹਨ. ਮਿਸਾਲ ਦੇ ਤੌਰ ਤੇ ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਦੇ ਹਕ਼ ਵਿਚ ਇਹ ਲੋਕ ਕਿਸ ਤਰਾਂ ਦਲੀਲਾਂ ਦਿੰਦੇ ਹੁੰਦੇ ਸਨ ਆਪਾਂ ਸਾਰੇ ਜਾਣਦੇ ਹਾਂ .
ਸਵਾਲ ਇਹ ਪੈਦਾ ਹੁੰਦਾ ਹੈ ਕਿ ਓਦੋ ਇਹਨਾਂ ਲੋਕਾਂ ਨੂੰ ਇਹ ਸ਼ਰਤਾਂ ਕਿਓਂ ਨਹੀ ਯਾਦ ਆਈਆਂ ਜੋ ਅਜ ਇਹ ਅਕਾਲੀ ਲੀਡਰਾਂ ਤੇ ਲਾ ਰਹੇ ਹਨ? ਇਹਨਾਂ ਦੇ ਦੋਗਲੇ ਕਿਰਦਾਰ ਦੀ ਇਕ ਹੋਰ ਝਲਕ ਦੇਖੋ - ਇਕ ਪਾਸੇ ਤਾਂ ਇਹ ਆਵਾਜ਼ਾਂ ਹਿੰਸਕ ਪ੍ਰਦਰਸ਼ਨਾਂ ਨੂੰ ਲੋਕਾਂ ਦੇ ਰੋਹ ਦੇ ਨਾਮ ਹੇਠਾਂ ਵਾਜਿਬ ਠਿਹਰਾ ਰਹੇ ਹਨ ਦੂਜੇ ਪਾਸੇ ਸਵਾਲ ਕਰ ਰਹੇ ਹਨ ਕੀ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਕਿਓਂ ਨਹੀ ਕੈਨੇਡਾ ਆ ਰਹੇ? ਵਡਾ ਸਵਾਲ ਤੇ ਇਹ ਖੜਾ ਹੁੰਦਾ ਸੀ ਕਿ ਅਸੀਂ ਲੋਕ ਬਾਦਲ ਸਾਹਬ ਦੇ ਕੈਨੇਡਾ ਆਉਣ ਤੇ ਓਹਨਾਂ ਨੂੰ ਸੁਣਨ ਦੇ ਕਾਬਿਲ ਹਾਂ ? ਜੇ ਅਸੀਂ ਵਿਰੋਧ ਵੀ ਕਰਨਾ ਹੈ ਤਾਂ ਕੀ ਅਸੀਂ ਸਭਿਅਕ ਵਿਰੋਧ ਕਰਨੇ ਜੋਗੇ ਹਾਂ ? ਕੀ ਵਿਰੋਧ ਕਰਨੇ ਵਾਲੇ ਸਮੇ ਦੇ ਹਾਣੀ ਹਨ? ਪਹਿਲਾਂ ਇਹਨਾਂ ਸ਼ਰਾਰਤੀ ਤਾਕਤਾਂ ਦਾ ਡੱਟ ਕਿ ਵਿਰੋਧ ਕਰਨਾ ਚਾਹੀਦਾ ਸੀ, ਫੇਰ ਬਾਦਲ ਸਾਹਬ ਦੇ ਕੈਨੇਡਾ ਆਉਣ ਦੀ ਮੰਗ ਚੁਕਣੀ ਚਾਹੀਦੀ ਸੀ . ਪ੍ਰੰਤੂ ਪੁਰਾਣੀ ਆਦਤ ਮੁਤਾਬਿਕ ਇਹ ਲੋਕ ਦੋਵਾਂ ਹਥਾਂ ਚ ਲਡੂ ਰਖ ਰਹੇ ਹਨ, ਇਕ ਪਾਸੇ ਵਿਰੋਧ ਕਰਨੇ ਵਾਲੀਆਂ ਦੇ ਹਿੰਸਕ ਢੰਗਾਂ ਨੂੰ ਜਾਇਜ਼ ਠਿਹਰਾ ਕਿ ਅਕਾਲੀਆਂ ਨੂੰ ਅਸਿਧੇ ਰੂਪ ਚ ਡਰਾ ਰਹੇ ਹਨ, ਅਤੇ ਦੂਜੇ ਪਾਸੇ ਬਾਦਲ ਸਾਹਬ ਨੂੰ ਕੈਨੇਡਾ ਆਉਣ ਲੈ ਉਕਸਾ ਵੀ ਰਹੇ ਹਨ.
ਹੈਰਾਨੀ ਦੀ ਹੱਦ ਤੇ ਓਦੋ ਹੁੰਦੀ ਹੈ ਜਦੋਂ ਚੌਵੀ ਘੰਟੇ ਪੰਜਾਬ ਸਰਕਾਰ ਦਾ ਰਾਗ ਅਲਾਪਣ ਵਾਲੇ ਅਕਾਲੀ ਮੰਤਰੀਆਂ ਤੇ ਤਵਾ ਲਾਉਂਦੇ ਹਨ ਕਿ ਤੁਸੀਂ ਇਥੇ ਕਰਨ ਕੀ ਆਏ ਹੋ? ਓਹ ਭਲਿਓ - ਤੁਹਾਡੀਆਂ ਅਖਬਾਰਾਂ ਦੇ ਸਾਰੇ ਪੰਨੇ ਪੰਜਾਬ ਦੀਆਂ ਖਬਰਾਂ ਅਤੇ ਅਕਾਲੀਆਂ ਦੀ ਨਿੰਦਾ ਨਾਲ ਭਰੀਆਂ ਹੁੰਦੀਆਂ ਹਨ, ਤੁਹਾਡੇ ਪ੍ਰੋਗਰਾਮਾਂ ਚ ਤਿੰਨ ਤਿੰਨ ਘੰਟੇ ਲਗਾਤਾਰ ਪੰਜਾਬ ਬਾਰੇ ਚਰਚਾ ਹੁੰਦੀ ਹੈ, ਪੰਜਾਬ ਦੀਆਂ ਖਬਰਾਂ ਬਾਰੇ ਚਰਚਾ ਕਰਨੇ ਲਈ ਪੰਜਾਬ ਤੋਂ "ਵਿਸ਼ੇਸ਼" ਮਹਿਮਾਨ ਸੱਦੇ ਜਾਂਦੇ ਹਨ. ਤੇ ਹੁਣ ਜਦੋ ਪੰਜਾਬ ਸਰਕਾਰ ਦੇ ਨੁਮਾਇੰਦੇ ਖੁਦ ਤੁਹਾਡੇ ਕੋਲੇ ਆ ਗਏ ਤਾਂ ਤੁਸੀਂ ਕੰਨੀ ਕਤਰਾ ਕਿ ਅਜੀਬੋ ਗਰੀਬ ਸਵਾਲ ਚੁਕਣ ਲਗ ਪਏ . ਕੀ ਕੋਈ ਅੰਦਰੂਨੀ ਡਰ ਸਤਾ ਰਿਹਾ ਹੈ ਜਾਂ ਕਿਸੇ ਪੋਲ ਖੁਲਣ ਦਾ ਡਰ ਹੈ ? ਕਿਤੇ ਤੁਹਾਡੇ ਤੇ ਸਥਾਨਿਕ ਸਿਆਸਤ ਤਾਂ ਨੀ ਭਾਰੂ ਹੋ ਗਈ? ਕਿਓਂ ਕਿ ਤੁਹਾਡੇ ਵਲੋਂ ਕੁਝ ਅਕਾਲੀ ਲੀਡਰਾਂ ਦਾ ਵਿਰੋਧ ਅਤੇ ਕੁਝ ਅਕਾਲੀ ਲੀਡਰਾਂ ਦਾ ਸਵਾਗਤ ਕਰਨਾ ਤੇ ਇਹੋ ਦਰਸਾ ਰਿਹਾ ਹੈ ਕਿ ਤੁਸੀਂ ਸਥਾਨਕ ਘੜਮ ਚੌਧਰੀਆਂ ਦੇ ਇਸ਼ਾਰਿਆਂ ਤੇ ਨਚ ਰਹੇ ਹੋ.
ਸੋ ਸਮੇਂ ਦੀ ਨਬਜ਼ ਨੂੰ ਪਛਾਣੋ ਅਤੇ ਆਪਣੇ ਪੇਸ਼ੇ ਦੇ ਸਹੀ ਫਰਜ਼ ਨਿਭਾਉਂਦੇ ਹੋਏ ਪੰਜਾਬ ਦੇ ਚੁਣੇ ਹੋਏ ਲੀਡਰਾਂ ਦਾ ਸਤਿਕਾਰ ਕਾਇਮ ਰਖਦੇ ਹੋਏ ਜੀ ਸਦਕੇ ਓਹਨਾਂ ਤੋਂ ਤਿਖੇ ਸਵਾਲ ਪੁਛੋ, ਪਰ ਸਤਿਕਾਰ ਦੀ ਮਰਿਆਦਾ ਜਰੂਰ ਕਾਇਮ ਰਹਣੀ ਚਾਹੀਦੀ ਹੈ. ਲੋਕਤੰਤਰ ਚ ਪ੍ਰਵਾਨਿਤ ਢੰਗਾਂ ਨਾਲ ਹੋਏ ਵਿਰੋਧ ਨੂੰ ਜਰੂਰ ਜਗ੍ਹਾ ਦਿਓ, ਪਰ ਹਿੰਸਕ ਪ੍ਰਦ੍ਰ੍ਸ਼ਨਾ ਦੀ ਖੁਲਕੇ ਨਿੰਦਾ ਵੀ ਕਰੋ. ਕਿਓਂ ਕਿ ਇਥੋ ਦਾ ਮਹੌਲ ਪੰਜਾਬ ਤੋਂ ਆਏ ਹੋਏ ਅਕਾਲੀ ਨਹੀ, ਇਥੋਂ ਦੇ ਕੁਝ ਸ਼ਰਾਰਤੀ ਲੋਕ ਕਰ ਰਹੇ ਹਨ,
ਧੰਨਵਾਦ ਸਹਿਤ --- ਰਾਣਾ ਕੁਲਥਮ